ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧਰਮ ਗ੍ਰੰਥ, ਧਰਮ ਜਾਂ ਕੌਮੀਅਤ ਦੀ ਵਿਰਾਸਤ ਦਾ ਫਖਰ ਹੁੰਦੇ ਹਨ। ਧਰਮ ਗ੍ਰੰਥ ਬਿਨਾਂ ਧਰਮ ਦੀ ਹੋਂਦ ਹੀ ਕਿਆਸ ਨਹੀਂ ਕੀਤੀ ਜਾ ਸਕਦੀ। ਧਰਮ ਦੇ ਬਾਨੀਆਂ ਦੇ ਇਸ ਸੰਸਾਰ ਤੋਂ ਤੁਰ ਜਾਣ ਪਿੱਛੋਂ ਧਰਮ ਗ੍ਰੰਥ ਹੀ ਹਨ ਜੋ ਉਨ੍ਹਾਂ ਵੱਲੋਂ ਦਿੱਤੇ ਸਿਧਾਂਤਾਂ ਨਾਲ ਪੈਰੋਕਾਰਾਂ ਨੂੰ ਜੋੜੀ ਰੱਖਦੇ ਹਨ। ਜਿਹੜੀਆਂ ਕੌਮਾਂ ਧਰਮ ਗ੍ਰੰਥ ਰੂਪੀ ਵਿਰਾਸਤ ਦੇ ਫਖਰ ਨੂੰ ਸੰਭਾਲ ਕੇ ਰੱਖਣ ਤੋਂ ਅਸਮਰਥ ਹੋ ਜਾਂਦੀਆਂ ਹਨ, ਉਹ ਸਮੇਂ ਦੇ ਕਾਲ ਚੱਕਰ ਵਿੱਚ ਆਪਣਾ ਸਰੂਪ ਤੇ ਧਰਮ ਦੋਵੇਂ ਗਵਾ ਬੈਠਦੀਆਂ ਹਨ।ਸਿੱਖ ਧਰਮ ਦਾ ਮਹਾਂ ਪਵਿੱਤਰ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਸਤਿਗੁਰਾਂ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ) ਦੀ ਬਾਣੀ ਇਕੱਤਰ ਕਰਕੇ 1601 ਈ: ਨੂੰ ਰਾਮਸਰ ਦੇ ਕਿਨਾਰੇ (ਸ੍ਰੀ ਅੰਮ੍ਰਿਤਸਰ ਸਾਹਿਬ) ਭਾਈ ਗੁਰਦਾਸ ਜੀ ਤੋਂ ਲਿਖਵਾਉਣਾ ਸੁਰੂ ਕੀਤਾ।ਗੁਰੂ ਜੀ ਨੇ ਆਪਣੀ ਰਚਨਾ ਅਤੇ ਭਗਤਾਂ, ਭੱਟਾਂ, ਗੁਰਸਿੱਖਾਂ ਦੀ ਬਾਣੀ ਸਾਮਿਲ ਕਰਕੇ 1604 ਈ: ਨੂੰ ਸੰਪੰਨ ਕੀਤਾ ਤੇ ਇਸੇ ਸਾਲ ਅਗਸਤ (ਭਾਦੋਂ ਸੁਦੀ ਪਹਿਲੀ) ਵਿੱਚ ਹਰਮਿੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਸਥਾਨ ਤੇ 1605 ਈ: ਵਿੱਚ ਆਤਮਿਕ ਸਕਤੀ ਨਾਲ ਕੰਠ ਤੋਂ ਬਾਣੀ ਉਚਾਰਨ ਕਰਕੇ ਮੁੜ ਲਿਖਵਾਇਆ।